ਪੰਜਾਬ ‘ਚ ਹੜ੍ਹ ਵਰਗੇ ਹਾਲਾਤ, ਭਾਖੜਾ ਤੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਵਧਿਆ

123
0

ਚੰਡੀਗੜ੍ਹ- ਭਾਰੀ ਮੀਂਹ ਕਾਰਨ ਪੰਜਾਬ ਵਿੱਚ ਦੋ ਦਿਨਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੇ ਨਾਲ ਹੀ ਭਾਖੜਾ ਅਤੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਵਧਣ ਕਾਰਨ ਸਥਿਤੀ ਹੋਰ ਵਿਗੜਨ ਦਾ ਖਦਸ਼ਾ ਹੈ। ਡੈਮ ਦੇ ਗੇਟ ਖੁੱਲ੍ਹਦੇ ਹੀ ਲੋਕਾਂ ਨੂੰ ਖੌਫਨਾਕ ਦ੍ਰਿਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਵਿੱਚ ਜੁਲਾਈ ਮਹੀਨੇ ਵਿੱਚ ਦੋ ਦਿਨਾਂ ਵਿੱਚ ਲੋੜੀਂਦੀ 67 ਫੀਸਦੀ ਬਾਰਿਸ਼ ਹੋਈ ਹੈ। 25 ਹਜ਼ਾਰ ਏਕੜ ਤੋਂ ਵੱਧ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਪੂਰੇ ਸੂਬੇ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਮੋਹਾਲੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ 2 ਫੁੱਟ ਤੋਂ ਵੱਧ ਮੀਂਹ ਦਾ ਪਾਣੀ ਕਈ ਇਲਾਕਿਆਂ ਵਿਚ ਭਰ ਗਿਆ ਹੈ।

ਦੁਆਬੇ ਅਤੇ ਪੂਰਬੀ ਮਾਲਵੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ

ਸਤਲੁਜ, ਬਿਆਸ ਅਤੇ ਘੱਗਰ ਦਰਿਆਵਾਂ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਰੋਪੜ ਹੈੱਡਵਰਕਸ ਤੋਂ ਪਾਣੀ ਛੱਡਣ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਆਸ-ਪਾਸ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਐਮਡੀ ਨੇ 10 ਜੁਲਾਈ ਨੂੰ ਪੰਜਾਬ ਦੇ ਦੋਆਬਾ ਅਤੇ ਪੂਰਬੀ ਮਾਲਵਾ ਖੇਤਰਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਐਤਵਾਰ ਨੂੰ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਦੇਖਣ ਨੂੰ ਮਿਲੀ, ਜਿੱਥੇ ਅਗਸਤ 2019 ਵਿੱਚ ਸਭ ਤੋਂ ਭਿਆਨਕ ਹੜ੍ਹ ਆਇਆ ਸੀ, ਜਦੋਂ ਲਗਭਗ 25,000 ਏਕੜ ਝੋਨੇ ਦੀ ਫ਼ਸਲ 2-3 ਫੁੱਟ ਪਾਣੀ ਵਿੱਚ ਡੁੱਬ ਗਈ ਸੀ।

ਜਲੰਧਰ ਦੇ 50 ਤੋਂ ਵੱਧ ਪਿੰਡ ਖਾਲੀ ਕਰਨ ਦੇ ਹੁਕਮ

ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਖੇਤਰ ਵਿੱਚ ਲਗਾਤਾਰ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਹੜ੍ਹ ਪ੍ਰਭਾਵਿਤ 50 ਪਿੰਡਾਂ ਦੇ ਲੋਕਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਅਨੁਸਾਰ ਸੁਲਤਾਨਪੁਰ ਲੋਧੀ, ਗਿੱਦੜਪਿੰਡੀ ਅਤੇ ਲੋਹੀਆਂ ਵਿੱਚ 25 ਹਜ਼ਾਰ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ ਅਤੇ 35 ਤੋਂ ਵੱਧ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸ਼ਾਹਕੋਟ-ਨਕੋਦਰ ਪੱਟੀ ਵਿੱਚ ਵੀ ਝੋਨੇ ਦੀ ਖੇਤੀ ਅਧੀਨ ਜ਼ਮੀਨਾਂ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬ ਗਿਆ। ਜਲੰਧਰ ਦੇ ਡੀਸੀ ਨੇ ਨਕੋਦਰ, ਸ਼ਾਹਕੋਟ, ਲੋਹੀਆਂ ਅਤੇ ਫਿਲੌਰ ਦੇ ਸਾਰੇ ਹੜ੍ਹ ਸੰਵੇਦਨਸ਼ੀਲ ਪਿੰਡਾਂ ਵਿੱਚ ਰਾਤ ਦੀ ਗਸ਼ਤ ਦੇ ਹੁਕਮ ਵੀ ਦਿੱਤੇ ਹਨ। ਪਿੰਡ ਦਾਰੇਵਾਲ ਤੋਂ ਫਿਲੌਰ ਤੱਕ 100 ਤੋਂ ਵੱਧ ਪਿੰਡਾਂ ਵਾਲੇ ਧੁੱਸੀ ਬੰਨ੍ਹ ਦੇ ਨੇੜੇ ਵਸਦੇ ਕਿਸਾਨਾਂ ਦਾ ਦਾਅਵਾ ਹੈ ਕਿ ਬੰਨ੍ਹ ਦੇ ਦੋਵੇਂ ਪਾਸੇ ਝੋਨੇ ਦੀ 70 ਫ਼ੀਸਦੀ ਫ਼ਸਲ ਪਾਣੀ ਵਿੱਚ ਡੁੱਬੀ ਹੋਈ ਹੈ।

ਪੌਂਗ ਡੈਮ ਦਾ ਪਾਣੀ 7 ਫੁੱਟ ਵਧਿਆ

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਬਿਆਸ ਦਰਿਆ ‘ਤੇ ਬਣੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਇਕ ਦਿਨ ‘ਚ 7 ਫੁੱਟ ਵਧ ਗਿਆ ਹੈ। ਸ਼ਨੀਵਾਰ ਸਵੇਰੇ ਇਹ 1,337.40 ਫੁੱਟ ਸੀ, ਜਦੋਂ ਕਿ ਐਤਵਾਰ ਸ਼ਾਮ 7 ਵਜੇ ਡੈਮ ਦਾ ਪਾਣੀ ਦਾ ਪੱਧਰ 1,344.33 ਫੁੱਟ ‘ਤੇ ਪਹੁੰਚ ਗਿਆ। ਐਤਵਾਰ ਸ਼ਾਮ ਨੂੰ ਡੈਮ ਵਿੱਚ ਪਾਣੀ ਦੀ ਆਮਦ 3,37,411 ਕਿਊਸਿਕ ਦਰਜ ਕੀਤੀ ਗਈ ਜੋ ਕਿ ਐਤਵਾਰ ਸਵੇਰੇ 31,449 ਕਿਊਸਿਕ ਸੀ। ਅਧਿਕਾਰੀਆਂ ਨੇ ਭਾਰੀ ਮੀਂਹ ਕਾਰਨ ਡੈਮ ਤੋਂ ਪਾਣੀ ਨਹੀਂ ਛੱਡਿਆ ਅਤੇ ਡੈਮ ਦੇ ਪਾਣੀ ਦਾ ਪੱਧਰ ਅਜੇ ਵੀ ਵੱਧ ਤੋਂ ਵੱਧ ਪੱਧਰ ਤੋਂ ਬਹੁਤ ਹੇਠਾਂ ਹੈ। ਭਾਖੜਾ ਅਤੇ ਰਣਜੀਤ ਸਾਗਰ ਡੈਮਾਂ ‘ਚ ਐਤਵਾਰ ਸਵੇਰੇ ਕ੍ਰਮਵਾਰ 62,967 ਕਿਊਸਿਕ ਅਤੇ 27,913 ਕਿਊਸਿਕ ਦੀ ਆਮਦ ਦਰਜ ਕੀਤੀ ਗਈ, ਜਦਕਿ ਇਨ੍ਹਾਂ ਦੋਵਾਂ ਡੈਮਾਂ ਤੋਂ ਐਤਵਾਰ ਨੂੰ ਕ੍ਰਮਵਾਰ 22,442 ਕਿਊਸਿਕ ਅਤੇ 410 ਕਿਊਸਿਕ ਪਾਣੀ ਛੱਡਿਆ ਗਿਆ। ਜੇਕਰ ਬਰਸਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਡੈਮਾਂ ਤੋਂ ਪਾਣੀ ਛੱਡੇ ਜਾਣ ‘ਤੇ ਸਥਿਤੀ ਹੋਰ ਵਿਗੜ ਸਕਦੀ ਹੈ।