2024 ਦੀਆਂ ਲੋਕ-ਸਭਾ ਚੋਣਾਂ ‘ਚ ਭਾਜਪਾ ਨਰਿੰਦਰ ਮੋਦੀ ਦੀ ਅਗਵਾਈ ‘ਚ ਸ਼ਾਨਦਾਰ ਜਿੱਤ ਹਾਸਲ ਕਰਕੇ ਹੈਟ੍ਰਿਕ ਬਣਾਏਗੀ- ਇੰਦਰ ਇਕਬਾਲ ਸਿੰਘ ਅਟਵਾਲ

52
0

 

ਭਾਜਪਾ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਵਾਲੇ ਉਮੀਦਵਾਰ ਸ. ਇੰਦਰ ਇਕਬਾਲ ਸਿੰਘ ਅਟਵਾਲ ਨੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਜੇਪੀ ਨੱਡਾ ਨਾਲ ਪਾਰਟੀ ਦਫਤਰ ਨਵੀਂ ਦਿੱਲੀ ਵਿਖੇ ਪੰਜਾਬ ਦੇ ਵੱਖ-ਵੱਖ ਮੁੱਦਿਆ ਨੂੰ ਲੈ ਕੇ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਖਾਸ ਕਰਕੇ ਪਾਰਟੀ ਪ੍ਰਧਾਨ ਸ੍ਰੀ ਜੇ.ਪੀ. ਨੱਡਾ ਜੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਲਈ ਉਨ੍ਹਾਂ ਨੂੰ ਉਮੀਦਵਾਰ ਬਣਾ ਕੇ ਇੱਕ ਵੱਡਾ ਮਾਣ-ਸਨਮਾਨ ਦਿੱਤਾ ਹੈ। ਇਸ ਮੀਟਿੰਗ ਦੌਰਾਨ 2024 ਦੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਪੰਜਾਬ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਪੰਜਾਬ ਅਤੇ ਪੰਜਾਬੀਅਤ ਦੇ ਵਿਕਾਸ ਅਤੇ ਸਿੱਖਾਂ ਦੇ ਮਸਲਿਆਂ ਅਤੇ ਮੁੱਦਿਆਂ ਦੇ ਯੋਗ ਹੱਲ, ਪਿੰਡਾਂ ਅਤੇ ਸ਼ਹਿਰਾਂ ਅੰਦਰ ਭਾਜਪਾ ਨੂੰ ਹੋਰ ਵਧੇਰੇ ਪ੍ਰਫੂਲਤ ਕਰਨ ਤੋਂ ਇਲਾਵਾ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਸੂਬੇ ਨਾਲ ਜੋੜਨ ਅਤੇ ਉਨ੍ਹਾਂ ਦੀਆ ਮੁਸ਼ਕਲਾ ਦੇ ਹੱਲ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਨਿਭਾਈਆਂ ਜਾਂਦੀਆਂ ਸੇਵਾਵਾਂ ਨੂੰ ਪੰਜਾਬ ਅੰਦਰ ਹਰਮਨ ਪਿਆਰਾ ਬਣਾਉਣ ਲਈ ਭਾਜਪਾ ਸਰਕਾਰ ਦੀਆ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੋਗਰਾਮ ਉਲੀਕਣ ਉੱਤੇ ਵਿਚਾਰ ਚਰਚਾ ਕੀਤੀ ਗਈ।

ਇਸ ਮੌਕੇ ਸ. ਅਟਵਾਲ ਨੇ ਕੇਂਦਰ ਸਰਕਾਰ ਵੱਲੋਂ ਧਰਮੀ ਕੈਂਦੀ ਨੂੰ ਰਿਹਾਅ ਕਰਨ ਦੇ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਸੀ. ਬੀ. ਆਈ. ਵੱਲੋਂ ਚਾਰਜਸ਼ੀਟ ਦਾਇਰ ਕਰਕੇ ਸਿੱਖਾਂ ਦੇ ਜ਼ਖਮਾਂ ਨੂੰ ਭਰਨ ਦੀ ਨਿਵੇਕਲੀ ਪਹਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਯਤਨਾਂ ਸਦਕਾ ਹੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਨੇ 1984 ਵਿੱਚ ਸਿੱਖ ਕਤਲੇਆਮ ਵਿੱਚ ਮਾਰੇ ਗਏ ਹਜ਼ਾਰਾਂ ਬੇਗੁਨਾਹਾਂ ਨੂੰ 30 ਸਾਲਾਂ ਬਾਅਦ ਇਨਸਾਫ਼ ਦਿਵਾਉਣ ਦੇ ਉਦੇਸ਼ ਨਾਲ ਸਿੱਖਾਂ ਵਿਰੁੱਧ ਹਿੰਸਾ ਅਤੇ ਅੱਗਜ਼ਨੀ ਦੇ ਸਮੁੱਚੇ ਮਾਮਲਿਆਂ ਦੀ ਮੁੜ ਜਾਂਚ ਲਈ ਕਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕ ਵਿੱਚ ਅਜਿਹੀਆਂ ਸੇਵਾਵਾਂ ਦੇਣ ਨਾਲ ਅੱਜ ਸਾਰੇ ਪੰਜਾਬੀਆਂ ਦੀ ਮੋਦੀ ਸਰਕਾਰ ਤੋਂ ਆਸਾਂ ਅਤੇ ਉਮੀਦਾਂ ਬੱਝ ਗਈਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਦੇਸ਼ ਦੀ ਮੋਦੀ ਸਰਕਾਰ ਸਿੱਖਾਂ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ’ਤੇ ਹਮੇਸ਼ਾ ਖਰੀ ਉਤਰੇਗੀ। ਸ. ਅਟਵਾਲ ਨੇ 2024 ਦੀਆਂ ਲੋਕ-ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਪੁੱਛੇ ਜਾਣ ‘ਤੇ ਕਿਹਾ ਕਿ ਭਾਜਪਾ ਦੇਸ਼ ਅੰਦਰ ਪ੍ਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੂਰੀ ਬਹੁਮਤ ਨਾਲ ਹੈਟ੍ਰਿਕ ਬਣਾਏਗੀ। ਜਿਸ ਲਈ ਪੰਜਾਬ ਭਾਜਪਾ ਨੇ ਵੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਹੁਣ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਉਨ੍ਹਾਂ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਅਤੇ ਹਰ ਘਰ ਪੁੱਜਦਾ ਕਰਨ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜੇ.ਪੀ. ਨੱਡਾ ਨੇ ਸ. ਅਟਵਾਲ ਨੂੰ ਮੀਟਿੰਗ ਉਪਰੰਤ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਭਾਜਪਾ ਸਾਰੇ ਪੰਜਾਬੀਆਂ ਦਾ ਮਾਣ ਵਧਾਏਗੀ ਅਤੇ ਪੰਜਾਬ ਪੱਖੀ ਹਰ ਸਮੱਸਿਆ ਅਤੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਲਈ ਹਮੇਸ਼ਾ ਤੱਤਪਰ ਰਹੇਗੀ। ਇਸ ਮੌਕੇ ਡਾ. ਦੀਪਕ ਜੋਤੀ ਸੂਬਾ ਮੀਤ ਪ੍ਰਧਾਨ ਪੰਜਾਬ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਅਤੇ ਭਾਜਪਾ ਆਗੂ ਐਡਵੋਕੇਟ ਜਸਜੀਤ ਸਿੰਘ ਸਹੋਤਾ ਮੌਜੂਦ ਸਨ।