ਸੁਨੀਲ ਜਾਖੜ ਨੇ ਜ਼ਿੰਦਗੀ ਦੀ ਪਹਿਲੀ ਚੋਣ 1996 ਵਿੱਚ ਫ਼ਿਰੋਜ਼ਪੁਰ ਵਿਧਾਨ ਸਭਾ ਹਲਕੇ ਤੋਂ ਲੜੀ ਸੀ ਅਤੇ ਹਾਰ ਗਏ ਸਨ
ਭਾਰਤੀ ਜਨਤਾ ਪਾਰਟੀ ਨੇ ਸਾਬਕਾ ਕਾਂਗਰਸੀ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਐਲਾਨ ਦਿੱਤਾ ਹੈ।
ਸੁਨੀਲ ਜਾਖੜ, ਲੋਕ ਸਭਾ ਸਪੀਕਰ ਅਤੇ ਟਕਸਾਲੀ ਕਾਂਗਰਸੀ ਆਗੂ ਬਲਰਾਮ ਜਾਖੜ ਦੇ ਪੁੱਤਰ ਹਨ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੂਬੇ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਵੀ ਰਹੇ ਹਨ।
ਪਰ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਆਓ ਇਸ ਰਿਪੋਰਟ ਰਾਹੀਂ ਜਾਣੀਏ ਕਿ ਸੁਨੀਲ ਜਾਖੜ ਕੌਣ ਹਨ, ਉਨ੍ਹਾਂ ਦਾ ਸਫ਼ਰ, ਬਤੌਰ ਭਾਜਪਾ ਪ੍ਰਧਾਨ ਹੁਣ ਚੁਣੌਤੀਆਂ ਕੀ ਹਨ ਅਤੇ ਹੋਰ ਕਈ ਪਹਿਲੂ…
ਹਿੰਦੂ ਜਾਟ ਪਰਿਵਾਰ ਨਾਲ ਸਬੰਧਤ ਸੁਨੀਲ ਜਾਖੜ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਚੋਣ 1996 ਵਿੱਚ ਫ਼ਿਰੋਜ਼ਪੁਰ ਵਿਧਾਨ ਸਭਾ ਹਲਕੇ ਤੋਂ ਲੜੀ ਸੀ ਅਤੇ ਹਾਰ ਗਏ ਸਨ।
6 ਸਾਲਾਂ ਦੇ ਵਕਫ਼ੇ ਤੋਂ ਬਾਅਦ ਉਨ੍ਹਾਂ 2002 ਵਿੱਚ ਚੋਣ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਹਲਕੇ ਤੋਂ ਲੜੀ ਸੀ। ਉਹ ਲਗਾਤਾਰ 2002 ਤੋਂ 2012 ਤੱਕ ਅਬੋਹਰ ਦੇ ਤਿੰਨ ਵਾਰ ਵਿਧਾਇਕ ਰਹੇ।
ਜਾਖੜ ਪੰਜਾਬ ਵਿਧਾਨ ਸਭਾ ਵਿੱਚ 2012 ਤੋਂ 2015 ਤੱਕ ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਬਾਅਦ ਵਿੱਚ ਕਾਂਗਰਸ ਪਾਰਟੀ ਨੇ ਚਮਕੌਰ ਸਾਹਿਬ ਤੋਂ ਉਸ ਸਮੇਂ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰ ਦਿੱਤਾ ਸੀ।
2017 ਵਿੱਚ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾਈ ਪਰ ਸੁਨੀਲ ਜਾਖੜ ਅਬੋਹਰ ਤੋਂ ਆਪਣੀ ਚੌਥੀ ਵਿਧਾਨ ਸਭਾ ਚੋਣ ਹਾਰ ਗਏ ਸਨ।
ਉਨ੍ਹਾਂ ਨੂੰ ਭਾਜਪਾ ਆਗੂ ਅਰੁਣ ਨਾਰੰਗ ਨੇ ਹਰਾਇਆ ਸੀ।
ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਨੂੰ 2017 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਕਰ ਦਿੱਤਾ ਸੀ ਤੇ ਉਹ 2021 ਤੱਕ ਇਸ ਅਹੁਦੇ ’ਤੇ ਰਹੇ ਸਨ।
ਬਾਅਦ ਵਿੱਚ ਸਾਬਕਾ ਵਿਧਾਇਕ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿੱਚ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ।
ਅੱਗੇ ਚੱਲ ਕੇ ਜਾਖੜ ਨੇ 2017 ਵਿੱਚ ਭਾਜਪਾ ਦੇ ਸੰਸਦ ਮੈਂਬਰ ਅਤੇ ਅਦਾਕਾਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਸੰਸਦੀ ਉਪ ਚੋਣ ਲੜੀ ਅਤੇ ਉਹ ਲੋਕ ਸਭਾ ਮੈਂਬਰ ਬਣ ਗਏ ਸਨ।
2019 ਵਿੱਚ ਜਾਖੜ ਨੂੰ ਗੁਰਦਾਸਪੁਰ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰ ਸੰਨੀ ਦਿਓਲ ਨੇ ਹਰਾ ਦਿੱਤਾ ਸੀ। 2019 ਦੇ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਕਰਾਰ ਦਿੱਤਾ ਸੀ।
ਜਾਖੜ ਨੇ ਸਾਲ 2022 ‘ਚ ਵਿਧਾਨ ਸਭਾ ਚੋਣ ਨਹੀਂ ਲੜੀ ਸੀ ਜਦਕਿ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਅਬੋਹਰ ਹਲਕੇ ਤੋਂ ਵਿਧਾਇਕ ਬਣੇ ਸੀ।
ਮਈ 2022 ਵਿੱਚ ਜਾਖੜ ਕਾਂਗਰਸ ਛੱਡਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
ਸੁਨੀਲ ਜਾਖੜ ਇਹੋ ਜਿਹੇ ਕਾਂਗਰਸੀ ਆਗੂ ਸਨ ਜੋ ਸਾਲ 2015 ਵਿੱਚ ਫਰੀਦਕੋਟ ਜਿਲ੍ਹੇ ਦੇ ਕਸਬੇ ਬਰਗਾੜੀ ਵਿਖੇ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ਼ ਲਈ ਲਗਾਤਾਰ ਬੋਲਦੇ ਰਹੇ ਸਨ ।
ਜਾਖੜ ਉਹਨਾਂ ਪਹਿਲੇ ਸਿਆਸੀ ਆਗੂਆਂ ਵਿੱਚੋਂ ਵੀ ਸਨ ਜਿਨ੍ਹਾਂ ਨੇ ਸਾਲ 2020 ਵਿੱਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਆਰਡੀਨੈਂਸਾਂ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ।
ਬਾਅਦ ਵਿੱਚ ਇਹ ਆਰਡੀਨੈਂਸ ਬਿੱਲ ਦੇ ਰੂਪ ਵਿੱਚ ਸੰਸਦ ਵਿੱਚ ਪਾਸ ਹੋਏ ਸਨ ਤੇ ਕਿਸਾਨਾਂ ਵੱਲੋਂ ਲਗਾਤਾਰ ਦਿੱਲੀ ਦੀਆਂ ਸਰਹੱਦਾਂ ’ਤੇ ਧਾਰਨਾ ਦੇਣ ਤੋਂ ਬਾਅਦ ਭਾਜਪਾ ਸਰਕਾਰ ਨੇ ਇਹ ਬਿੱਲ ਵਾਪਸ ਲਏ ਸਨ।