ਜਲੰਧਰ : ਲੋਕ ਇਨਸਾਫ ਪਾਰਟੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਪੰਜਾਬ ਭਾਜਪਾ ਦੇ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਦੀ ਹਾਜ਼ਰੀ ’ਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਾਰਟੀ ਆਗੂਆਂ ਨਾਲ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਸੂਬੇ ’ਚ ਭਾਜਪਾ ਦਾ ਆਉਣਾ ਜ਼ਰੂਰੀ ਹੈ।
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ ਜ਼ਿਮਨੀ ਚੋਣ ਦੇ ਜਰੀਏ ਇਹ ਸੰਦੇਸ਼ ਦੇਣਾ ਜ਼ਰੂਰੀ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਜੋ ਕੰਮ ਕਰ ਰਹੀ ਹੈ ਅਜਿਹਾ ਕੰਮ ਅੱਜ ਤਕ ਕਿਸੇ ਨੇ ਨਹੀਂ ਕੀਤਾ। ਇਸਦੇ ਨਾਲ ਹੀ ਬੈਂਸ ਨੇ ਭਾਜਪਾ ਨੂੰ ਤਿੰਨ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਫ਼ਸਲ ਤੇ ਨਸਲ ਨੂੰ ਬਚਾਉਣ ਲਈ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦਿੱਤੀ ਜਾਵੇ। ਇਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਣ ਦਾ ਨਾਲ-ਨਾਲ ਫਸਲੀ ਵਿਭਿੰਨਤਾ ਨੂੰ ਵਧਾਵਾ ਮਿਲੇਗਾ, ਭੂ ਜਲ ਵੀ ਬਚੇਗਾ। ਉਨ੍ਹਾਂ ਨੇ ਪਾਕਿਸਤਾਨ ਦੇ ਨਾਲ ਵਪਾਰਿਕ ਸਬੰਧ ਵਧਾਉਣ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਇੰਡਸਟ੍ਰੀ ਨੂੰ ਲਾਭ ਪੁੱਜੇਗਾ। ਇਸ ਤੋਂ ਇਲਾਵਾ ਬੈਂਸ ਨੇ ਕੇਂਦਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਸਿੱਧੇ ਵਿਦਿਆਰਥੀਆਂ ਦੇ ਖਾਤਿਆਂ ’ਚ ਭੇਜਣ ਦਾ ਸੁਝਾਅ ਦਿੱਤਾ। ਭਾਜਪਾ ਇੰਜਾਰਜ ਵਿਜੇ ਰੂਪਾਣੀ, ਕੇਂਦਰੀ ਮੰਤਰੀ ਸੋਮਪ੍ਰਕਾਸ਼ ਨੇ ਭਾਜਪਾ ਦੇ ਸਮਰਥਨ ’ਤੇ ਸਿਮਰਜੀਤ ਬੈਂਸ ਤੇ ਹੋਰ ਆਗੂਆਂ ਦਾ ਧੰਨਵਾਦ ਕੀਤਾ।