ਫ਼ਰੀਦਕੋਟ :-ਨਹਿਰੀ ਪਾਣੀ ‘ਚ ਕਟੌਤੀ ਖਿਲਾਫ ਸੰਘਰਸ਼ ਕਰ ਰਹੀ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਮਸਲਾ ਹੱਲ ਕਰਨ ਲਈ ਗੱਲਬਾਤ ਕੀਤੀ। ਕਿਸਾਨ ਆਗੂਆਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਰਜਬਾਹਿਆਂ ਵਿੱਚ ਸਮਰੱਥਾ ਮੁਤਾਬਿਕ ਪਾਣੀ ਨਹੀਂ ਛੱਡਿਆ ਜਾ ਰਿਹਾ। ਉਹਨਾਂ ਦੱਸਿਆ ਕਿ ਕੋਟਕਪੂਰਾ ਰਜਬਾਹਾ ਜਿਸ ਨੂੰ 146 ਕਿਊਸਿਕ ਪਾਣੀ ਅਲਾਟ ਹੈ ਪਰ ਕਦੇ ਵੀ 130 ਕਿਊਸਿਕ ਤੋਂ ਵਧ ਪਾਣੀ ਇਸ ਦੀ ਖਸਤਾ ਹਾਲਤ ਕਰਕੇ ਨਹੀ ਛੱਡਿਆ ਜਾ ਰਿਹਾ। ਕਿਸਾਨ ਆਗੂ ਸੁਰਿੰਦਰਪਾਲ ਸਿੰਘ ਦਬੜੀਖਾਨਾ, ਸਰਦੂਲ ਸਿੰਘ ਕਾਸਿਮਭੱਟੀ, ਰਜਿੰਦਰ ਕਿੰਗਰਾ ਨੇ ਦੱਸਿਆ ਕਿ ਇਸ ਰਜਬਾਹੇ ਦੇ ਓੁੱਚੇ ਕੀਤੇ ਮੋਘੇ ਕਿਰਤੀ ਕਿਸਾਨ ਯੂਨੀਅਨ ਨੇ ਖੁਦ ਪਹਿਲਾਂ ਵਾਲੀ ਥਾਂ ਕਰ ਦਿੱਤੇ ਸੀ ਤੇ ਨਹਿਰੀ ਮਹਿਕਮੇ ਨੇ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਮੇਤ ਸੈਂਕੜੇ ਕਿਸਾਨਾਂ ‘ਤੇ ਪਰਚਾ ਦਰਜ ਕਰਵਾ ਦਿੱਤਾ ਸੀ ਅਤੇ ਇਹ ਪਰਚਾ ਰੱਦ ਕਰਵਾਉਣ ਤੇ ਮੋਘੇ ਦਰੁਸਤ ਕਰਨ ਲਈ ਕਿਸਾਨਾਂ ਵੱਲੋਂ ਹੁਣ ਸੰਘਰਸ਼ ਕੀਤਾ ਜਾ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਮੋਿਘਆਂ ਨੂੰ ਦਰੁਸਤ ਕਰਵਾਉਣਗੇ ਅਤੇ ਪਾਣੀ ‘ਚ ਕਟੌਤੀ ਨਹੀ ਹੋਏਗੀ ਅਤੇ ਹਫਤੇ ਵਿੱਚ ਕਿਸਾਨਾਂ ‘ਤੇ ਦਰਜ ਪਰਚੇ ਨੂੰ ਵੀ ਵਾਪਿਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੀਟਿੰਗ ਵਿੱਚ ਐਸ.ਡੀ.ਐਮ ਬਲਜੀਤ ਕੌਰ, ਨਾਇਬ ਤਹਿਸੀਲਦਾਰ ਜਸਦੇਵ ਸਿੰਘ, ਨਹਿਰੀ ਵਿਭਾਗ ਦੇ ਐਕਸੀਅਨ ਜਿਨੇਸ਼ ਗੋਇਲ, ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਗੁਰਮੀਤ ਸੰਗਰਾਹੂਰ, ਜਗਦੀਪ ਸਿੰਘ ਅਤੇ ਨਾਇਬ ਸਿੰਘ ਵੀ ਹਾਜ਼ਰ ਸਨ।