ਪਿੰਡ ਗੋਲੇਵਾਲਾ ਦੇ 66 ਕੇਵੀ ਗਰਿੱਡ ਵਿੱਚ ਧਮਾਕਾ, ਤਿੰਨ ਮੁਲਾਜ਼ਮ ਝੁਲਸੇ

62
0

ਫਰੀਦਕੋਟ : ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਵਿਚ ਸਥਿਤ 66 ਕੇਵੀ ਗਰਿੱਡ ਵਿਚ ਬੀਤੇ ਦਿਨ ਟਰਾਂਸਫਾਰਮ ਵਿੱਚ ਹੋਏ ਧਮਾਕੇ ਕਾਰਨ ਬਿਜਲੀ ਵਿਭਾਗ ਦੇ ਤਿੰਨ ਕਰਮਚਾਰੀ ਝੁਲਸ ਗਏ, ਜਿਨ੍ਹਾ ’ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਦੋ ਦੀ ਹਾਲਤ ਕੁਝ ਠੀਕ ਹੈ। ਉੱਧਰ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਵਲੋਂ ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਕੱਲ ਤੋਂ ਹੀ ਜਿਲ੍ਹੇ ਭਰ ’ਚ ਤੇਜ਼ ਬਾਰਿਸ਼ ਹੋ ਰਹੀ ਹੈ ਪਰ ਦੂਜੇ ਪਾਸੇ ਗੋਲੇਵਾਲਾ ਦੇ 66 ਕੇਵੀ ਗਰਿੱਡ ਵਿੱਚ ਬਿਜਲੀ ਵਿਭਾਗ ਦੇ ਤਿੰਨ ਕਰਮਚਾਰੀ ਮੌਜੂਦ ਸਨ, ਇਸ ਦੌਰਾਨ ਉੱਥੇ ਸਥਿੱਤ ਦੋ ਵੱਡੇ ਟਰਾਂਸਫਾਰਮਾ ਵਿੱਚੋਂ ਇਕ ਟਰਾਂਸਫਾਰਮ ਵਿੱਚ ਅਚਾਨਕ ਧਮਾਕਾ ਹੋ ਗਿਆ, ਜਿਸ ਕਰ ਕੇ ਤਿੰਨ ਕਮਰਚਾਰੀ ਬਲਦੇਵ ਸਿੰਘ, ਜਸਮੇਲ ਸਿੰਘ ਅਤੇ ਗੋਲਡੀ ਝੁਲਸ ਗਏ, ਜਦਕਿ ਟਰਾਂਸਫਾਰਮ ਵੀ ਅੱਗ ਦੀ ਲਪੇਟ ’ਚ ਆ ਗਿਆ।ਉਕਤ ਧਮਾਕੇ ਕਾਰਨ ਪਿੰਡ ਵਾਸੀ ਇਕੱਠੇ ਹੋ ਗਏ ਤੇ ਝੁਲਸੇ ਕਰਮਚਾਰੀਆਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਇਲਾਜ ਲਈ ਦਾਖਲ ਕਰਵਾਇਆ। ਪਿੰਡ ਵਾਸੀਆਂ ਮੁਤਾਬਿਕ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਭਾਵੇਂ ਦੇਰੀ ਨਾਲ ਪੁੱਜੀਆਂ ਪਰ ਉਨ੍ਹਾਂ ਅੱਗ ’ਤੇ ਕਾਬੂ ਪਾ ਹੀ ਲਿਆ। ਭਾਵੇਂ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਦੀਆਂ ਟੀਮਾ ਵੀ ਮੌਕੇ ’ਤੇ ਪੁੱਜ ਗਈਆਂ ਅਤੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵੀ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ। ਕਿਸਾਨ ਆਗੂ ਬਿੰਦਰ ਸਿੰਘ ਗੋਲੇਵਾਲਾ ਮੁਤਾਬਿਕ ਜਦੋਂ ਦਾ ਗਰਿੱਡ ਬਣਿਆ ਹੈ, ਟਰਾਂਸਫਾਰਮ ਉਦੋਂ ਦੇ ਹੀ ਹੋਣ ਕਰ ਕੇ ਬਹੁਤ ਪੁਰਾਣੇ ਹੋ ਚੁੱਕੇ ਹਨ ਅਤੇ ਉਨ੍ਹਾਂ ਕਈ ਵਾਰ ਇਨ੍ਹਾਂ ਨੂੰ ਬਦਲਣ ਬਾਰੇ ਪ੍ਰਸ਼ਾਸਨ ਨੂੰ ਲਿਖਤੀ ਅਤੇ ਜੁਬਾਨੀ ਤੌਰ ’ਤੇ ਸੂਚਿਤ ਕੀਤਾ ਪਰ ਕੋਈ ਸੁਣਵਾਈ ਨਹੀਂ ਹੋਈ। ਦੂਜੇ ਪਾਸੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕੇ ਦੇ ਕਾਰਨਾ ਦੀ ਜਾਂਚ ਕੀਤੀ ਜਾਵੇਗੀ।