ਲੁਧਿਆਣਾ ਵਿਚ ਅੱਜ ਵੱਡੀ ਵਾਰਦਾਤ ਵਾਪਰੀ ਹੈ ਜਿਸ ਵਿਚ ਇਕੋ ਹੀ ਪਰਿਵਾਰ ਦੇ 3 ਜੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਘਟਨਾ ਲੁਧਿਆਣਾ ਦੇ ਸਲੇਮਟਾਬਰੀ ਅੰਦਰ ਪੈਂਦੇ ਨਿਊ ਜਨਕਪੁਰੀ ਇਲਾਕੇ ਦੀ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਦਹਿਸ਼ਤ ਵਿਚ ਹਨ।
ਮਿਲੀ ਜਾਣਕਾਰੀ ਮੁਤਾਬਕ ਇਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਬਚਨ ਕੌਰ (90), ਸੁਰਿੰਦਰ ਕੌਰ (66) ਤੇ ਚਮਨ ਲਾਲ (70) ਵਜੋਂ ਹੋਈ ਹੈ। ਅੱਜ ਸਵੇਰੇ ਜਦੋਂ ਦੁੱਧ ਵਾਲਾ ਦੁੱਧ ਦੇਣ ਪਹੁੰਚਿਆ ਤਾਂ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ ਜਿਸ ਤੋਂ ਬਾਅਦ ਦੁੱਧ ਵਾਲੇ ਨੇ ਗੁਆਂਢੀਆਂ ਨੂੰ ਪੂਰੀ ਘਟਨਾ ਬਾਰੇ ਦੱਸਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤੇ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਕਮਰੇ ਵਿਚ ਤਿੰਨ ਜੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ ਤੇ ਉਹ ਖੂਨ ਨਾਲ ਲੱਥਪੱਥ ਸਨ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।