ਵੱਡਾ ਹਾਦਸਾ : ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਗੈਸ ਲੀਕ, 10 ਲੋਕਾਂ ਦੀ ਮੌਤ ਦਾ ਖਦਸ਼ਾ, ਦਰਜਨ ਬੇਹੋਸ਼, NDRF ਟੀਮ ਪੁੱਜੀ, ਇਲਾਕਾ ਸੀਲ

58
0

ਸੂਤਰਾਂ ਅਨੁਸਾਰ ਗੈਸ ਲੀਕ ਹੋਣ ਕਾਰਨ ਜੋ ਵੀ 300 ਮੀਟਰ ਦੇ ਘੇਰੇ ਵਿੱਚ ਜਾ ਰਿਹਾ ਹੈ, ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ।ਉੱਥੇ ਰਾਹਤ ਕਾਰਜ ਕੀਤੇ ਜਾ ਰਹੇ ਹਨ।…

ਲੁਧਿਆਣਾ। ਸ਼ਹਿਰ ਦੇ ਗਿਆਸ ਪੁਰਾ ਇਲਾਕੇ ‘ਚ ਸੂਆ ਰੋਡ ‘ਤੇ ਗੈਸ ਲੀਕ ਹੋਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿੱਚ 3 ਬੱਚੇ ਵੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚੋਂ 3 ਦੀ ਸਿਹਤ ਵਿਭਾਗ ਵੱਲੋਂ ਅਧਿਕਾਰਤ ਪੁਸ਼ਟੀ ਕਰ ਦਿੱਤੀ ਗਈ ਹੈ। ਗੈਸ ਕਿੱਥੋਂ ਲੀਕ ਹੋਈ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇੱਥੇ ਸਥਿਤ ਆਰਤੀ ਕਲੀਨਿਕ ਅਤੇ ਇੱਕ ਹੋਰ ਦੁਕਾਨ ਤੋਂ 10 ਵਿਅਕਤੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਹੈ।

ਪ੍ਰਸ਼ਾਸਨ ਨੂੰ ਪਤਾ ਲਗਾਉਣ ਵਿਚ ਮੁਸ਼ਕਿਲ ਹੋ ਰਹੀ ਹੈ ਕਿ ਆਖਰ ਇਹ ਗੈਸ ਕਿਹੜੀ ਹੈ ਅਤੇ ਹਾਦਸਾ ਕਿੰਝ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਦੀ ਪੜਤਾਲ ਦੇ ਲਈ ਐਨਡੀਆਰਐਫ ਦੀ ਟੀਮ ਨੂੰ ਸੱਦਿਆ ਗਿਆ ਹੈ। ਲੁਧਿਆਣਾ ਪਹੁੰਚਣ ਤੋਂ ਐਨਡੀਆਰਐਫ ਦੀ ਟੀਮ ਸਾਰੇ ਮਾਮਲੇ ਦੀ ਪੜਤਾਲ ਕਰਕੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਏਗੀ।

ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਘਰਾਂ ਦੇ ਲੋਕ ਆਪਣੇ ਘਰਾਂ ਵਿਚ ਬੇਹੋਸ਼ ਹੋ ਗਏ ਹਨ ਅਤੇ ਕੋਈ ਵੀ ਉਥੋਂ ਜਾਣ ਦੇ ਯੋਗ ਨਹੀਂ ਹੈ। ਸੂਤਰਾਂ ਅਨੁਸਾਰ ਗੈਸ ਲੀਕ ਹੋਣ ਕਾਰਨ ਜੋ ਵੀ 300 ਮੀਟਰ ਦੇ ਘੇਰੇ ਵਿੱਚ ਜਾ ਰਿਹਾ ਹੈ, ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਉਹ ਵਾਪਸ ਆ ਰਿਹਾ ਹੈ।

ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਉੱਥੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਮੌਕੇ ‘ਤੇ ਸਮਾਜਿਕ ਸੰਸਥਾਵਾਂ ਦੀਆਂ ਐਂਬੂਲੈਂਸਾਂ ਵੀ ਪਹੁੰਚ ਗਈਆਂ ਹਨ ਅਤੇ ਬੇਹੋਸ਼ ਹੋਏ ਲੋਕਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।