ਘੱਗਰ ਦਰਿਆ ਦਾ ਪਾਣੀ ਚੜ੍ਹਿਆ, ਕਈ ਪਿੰਡ ਮਾਰ ਹੇਠ, ਗੁਰੂਘਰਾਂ ‘ਚੋਂ ਹੋ ਰਹੀਆਂ ਨੇ ਅਨਾਊਂਸਮੈਂਟਾਂ…

60
0

ਪੰਜਾਬ ’ਚ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ’ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ।

ਘੁਰੂ ਘਰਾਂ ਵਿਚੋਂ ਲੋਕਾਂ ਨੂੰ ਚੌਕਸ ਕਰਨ ਲਈ ਅਨਾਊਂਸਮੈਂਟਾਂ ਹੋ ਰਹੀਆਂ ਹਨ। ਘੱਗਰ ਨੇੜੇ ਨੀਵੇਂ ਥਾਂ ਉਤੇ ਬੈਠੇ ਲੋਕਾਂ ਨੂੰ ਦੂਰ ਜਾਣ ਲਈ ਆਖਿਆ ਜਾ ਰਿਹਾ ਹੈ। ਬੀਤੇ ਦਿਨ ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ ਹੈ। ਮੌਸਮ ਵਿਭਾਗ ਨੇ ਪਟਿਆਲਾ, ਰੋਪੜ, ਮੁਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। 13 ਅਤੇ 14 ਜੁਲਾਈ ਨੂੰ ਮੁੜ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਵੇਰਵਿਆਂ ਅਨੁਸਾਰ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਕਰੀਬ 100 ਤੋਂ ਜ਼ਿਆਦਾ ਪਿੰਡ ਖ਼ਾਲੀ ਕਰਵਾਏ ਜਾ ਰਹੇ ਹਨ। ਕੌਮੀ ਆਫ਼ਤ ਪ੍ਰਬੰਧਨ ਬਲ ਦੀਆਂ 14 ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਜਦੋਂ ਕਿ ਪਟਿਆਲਾ ਜ਼ਿਲ੍ਹੇ ਵਿਚ ਫ਼ੌਜ ਦੀ ਮਦਦ ਲਈ ਗਈ ਹੈ।

ਘੱਗਰ ਵਿਚ ਪਾਣੀ 1.70 ਲੱਖ ਕਿਊਸਿਕ ਚੱਲ ਰਿਹਾ ਹੈ ਅਤੇ ਖ਼ਤਰੇ ਦੇ ਨਿਸ਼ਾਨ ਤੋਂ ਛੇ ਫੁੱਟ ਉਪਰ ਚਲਾ ਗਿਆ ਹੈ। ਘੱਗਰ ਅਤੇ ਸਤਲੁਜ ਦਰਿਆਵਾਂ ਕਾਰਨ ਹਜ਼ਾਰਾਂ ਏਕੜ ਫ਼ਸਲ ਨੁਕਸਾਨੀ ਗਈ ਹੈ। ਪਟਿਆਲਾ ਦੀ ਵੱਡੀ ਨਦੀ ਨੱਕੋ-ਨੱਕ ਭਰੀ ਹੋਈ ਹੈ। ਘੱਗਰ ਦਾ ਪਾਣੀ ਨਰਵਾਣਾ ਨਹਿਰ ਦੇ ਉਪਰੋਂ ਦੀ ਲੰਘ ਰਿਹਾ ਹੈ। ਸਤਲੁਜ ਦਰਿਆ ਵਿਚ ਰੋਪੜ ਹੈੱਡ ਵਰਕਸ ’ਤੇ ਪਾਣੀ ਦਾ ਵਹਾਅ 1.81 ਲੱਖ ਕਿਊਸਿਕ ਰਿਹਾ ਜਦੋਂ ਕਿ ਫਿਲੌਰ ’ਚ ਦਰਿਆ ਦਾ ਪੱਧਰ 2.45 ਲੱਖ ਕਿਊਸਿਕ ’ਤੇ ਪਹੁੰਚ ਗਿਆ।

ਸਰਹਿੰਦ ਨਹਿਰ ਵਿਚ 13 ਹਜ਼ਾਰ ਕਿਊਸਿਕ ਦੀ ਸਮਰੱਥਾ ਦੇ ਮੁਕਾਬਲੇ 23 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਇਸ ਦਾ ਅਸਰ ਲੁਧਿਆਣਾ ਅਤੇ ਦੋਰਾਹਾ ’ਤੇ ਪੈ ਸਕਦਾ ਹੈ। ਘੱਗਰ ਅਤੇ ਸਤਲੁਜ ਦੇ ਨੇੜਲੇ ਇਲਾਕਿਆਂ ’ਚ ਹਜ਼ਾਰਾਂ ਏਕੜ ਰਕਬਾ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਿਆ ਹੈ। ਸਤਲੁਜ ਦਰਿਆ ਦੇ ਕਨਿਾਰੇ ਬਣੇ ਧੁੱਸੀ ਬੰਨ੍ਹ ਵਿਚ ਵੀ ਪਾੜ ਪੈ ਗਿਆ ਹੈ। ਇਸੇ ਤਰ੍ਹਾਂ ਨਰਵਾਣਾ ਬਰਾਂਚ, ਸਿਸਵਾਂ ਅਤੇ ਮੁਹਾਲੀ ਨੇੜੇ ਟਿਵਾਣਾ ’ਚ ਵੀ ਪਾੜ ਪੈ ਗਿਆ ਹੈ।