ਕੰਵਰ ਗਰੇਵਾਲ ਨੇ ਅਨਜਾਣ ਨੌਜਵਾਨਾਂ ਨੂੰ ਗੱਡੀ ’ਚ ਦਿੱਤੀ ਲਿਫ਼ਟ, ਤਾਂ ਉਹ ਨਿਕਲੇ ਲੁਟੇਰੇ

56
0

ਪੰਜਾਬੀ ਸੂਫ਼ੀ ਗਾਇਕ ਕੰਵਰ ਗਰੇਵਾਲ ਦੀ ਗੱਡੀ ’ਚ ਲੁਟੇਰੇ ਸਵਾਰ ਹੋ ਗਏ। ਪਰ ਜਦੋਂ ਲੁਟੇਰਿਆਂ ਨੇ ਕੁਝ ਦੂਰੀ ਤੱਕ ਸਫ਼ਰ ਕਰਨ ਤੋਂ ਬਾਅਦ ਗਾਇਕ ਨੂੰ ਪਹਿਚਾਣ ਲਿਆ ਤਾਂ ਗੱਡੀ ’ਚੋਂ ਆਪਣੇ ਆਪ ਬਿਨਾਂ ਕੋਈ ਵਾਰਦਾਤ ਕੀਤੇ ਉਤਰ ਗਏ।

ਦਰਅਸਲ ਗਾਇਕ ਗਰੇਵਾਲ ਫਗਵਾੜਾ-ਗੋਰਾਇਆ ਮਾਰਗ ’ਤੇ ਆਪਣੀ ਗੱਡੀ ’ਚ ਸ਼ਲੋਕ ਸੁਣਦੇ ਹੋਏ ਸਫ਼ਰ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਪੰਜ ਨੌਜਵਾਨਾਂ ਨੇ ਹੱਥ ਦਿੱਤਾ ਤਾਂ ਗਰੇਵਾਲ ਨੇ ਉਨ੍ਹਾਂ ਨੂੰ ਗੱਡੀ ’ਚ ਬਿਠਾ ਲਿਆ। ਗੱਡੀ ’ਚ ਬੈਠਣ ਤੋਂ ਬਾਅਦ ਗਾਇਕ ਨੂੰ ਨੌਜਵਾਨਾਂ ਨੇ ਪਹਿਚਾਣ ਲਿਆ। ਇਸ ਤੋਂ ਬਾਅਦ ਉਹ ਨੌਜਵਾਨ ਜੋ ਅਸਲ ’ਚ ਲੁਟੇਰੇ ਸਨ, ਉਨ੍ਹਾਂ ਲੁਟੇਰਿਆਂ ਨੇ ਗਾਇਕ ਨੂੰ ਗੱਡੀ ’ਚੋਂ ਉਤਾਰਣ ਲਈ ਕਿਹਾ।

ਜਦੋਂ ਗਾਇਕ ਗਰੇਵਾਲ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਹਾਲੇ ਤਾਂ ਤੁਸੀਂ ਹੁਣੇ ਹੀ ਗੱਡੀ ’ਚ ਬੈਠੇ ਹੋ, ਕੋਈ ਠਿਕਾਣਾ ਵੀ ਨਹੀਂ ਆਇਆ ਹੈ, ਤੁਸੀਂ ਗੱਡੀ ’ਚੋਂ ਉਤਰਣ ਲਈ ਕਿਉਂ ਕਹਿ ਰਹੇ ਹੋ? ਤਾਂ ਲੁਟੇਰਿਆਂ ਨੇ ਜਵਾਬ ਦਿੱਤਾ ਕਿ “ਅਸੀਂ ਲੁਟੇਰੇ ਹਾਂ।” ਇਹ ਸੁਣਕੇ ਕੰਵਰ ਗਰੇਵਾਲ ਨੇ ਕਿਹਾ ਕਿ ਇਸ ਤੋਂ ਚੰਗਾ ਮੌਕਾ ਹੋਰ ਨਹੀਂ ਮਿਲਣਾ, ਮਾਰੋ ਮੇਰੇ ਗੋਲੀ ਤੇ ਮੈਨੂੰ ਲੁੱਟ ਲਓ। ਇਹ ਸੁਣਕੇ ਲੁਟੇਰੇ ਸ਼ਰਮਸਾਰ ਹੋ ਗਏ। ਗਰੇਵਾਲ ਨੇ ਕਿਹਾ ਕਿ ਮਰਨਾ ਤੇ ਜਿਊਣਾ ਸਭ ਪ੍ਰਮਾਤਮਾ ਦੇ ਹੱਥ ’ਚ ਹੈ। ਜੇਕਰ ਮੇਰੀ ਮੌਤ ਤੁਹਾਡੇ ਹੱਥ ਲਿਖੀ ਹੁੰਦੀ ਤਾਂ ਤੁਸੀਂ ਮੈਨੂੰ ਮਾਰ ਦਿੰਦੇ।

ਇਸ ਤੋਂ ਬਾਅਦ ਜਦੋਂ ਗਰੇਵਾਲ ਨੂੰ ਪਤਾ ਲੱਗਿਆ ਕਿ ਲੁਟੇਰੇ ਹੋਣ ਦੇ ਬਾਵਜੂਦ ਉਸ ਨਾਲ ਕੋਈ ਵਾਰਦਾਤ ਨਹੀਂ ਕੀਤੀ ਤਾਂ ਗਾਇਕ ਨੇ ਲੁਟੇਰਿਆਂ ਨੂੰ 500 ਰੁਪਏ ਦਿੱਤੇ ਅਤੇ ਕਿਹਾ ਕਿ ਦੁੱਧ ਪੀ ਲਿਓ। ਇਹ ਕਿੱਸਾ ਕੰਵਰ ਗਰੇਵਾਲ ਨੇ ਆਪਣੇ ਇੱਕ ਪ੍ਰੋਗਰਾਮ ਦੌਰਾਨ ਸੁਣਾਇਆ ਤਾਂ ਇਸ ਘਟਨਾ ਦਾ ਖ਼ੁਲਾਸਾ ਹੋਇਆ।

ਗਾਇਕ ਨੇ ਦੱਸਿਆ ਕਿ ਉਹ ਅੰਮ੍ਰਿਤਸਰ ’ਚ ਪ੍ਰੋਗਰਾਮ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ, ਜਦੋਂ ਉਨ੍ਹਾਂ ਨਾਲ ਇਹ ਘਟਨਾ ਵਾਪਰੀ।