ਚੰਡੀਗੜ੍ਹ: ਸ਼ਹਿਰ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਕ ਆਟੋ ਚਾਲਕ ਅਤੇ ਉਸ ਦੇ ਸਾਥੀ ਨੇ ਆਪਣੇ ਆਟੋ ਵਿਚ ਮੰਦਰ ਜਾ ਰਹੀ 60 ਸਾਲਾ ਔਰਤ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਜਬਰ ਜਨਾਹ ਤੋਂ ਬਾਅਦ ਦੋਵੇਂ ਉਸ ਨੂੰ ਕੈਂਬਵਾਲਾ ਨੇੜੇ ਜੰਗਲ ਵਿਚ ਲੈ ਗਏ, ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਮਰ ਗਿਆ ਸਮਝ ਕੇ ਛੱਡ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ, ਜਦੋਂ ਉਨ੍ਹਾਂ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਇਹ ਭਿਆਨਕ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ।
ਟਾਈਮਜ਼ ਆਫ਼ ਇੰਡੀਆ ਦੇ ਅਨੁਸਾਰ, ਔਰਤ ਸਕੇਤਰੀ ਮੰਦਰ ਵੱਲ ਪੈਦਲ ਜਾ ਰਹੀ ਸੀ ਜਦੋਂ ਕੈਂਬਵਾਲਾ ਨੇੜੇ ਇੱਕ ਆਟੋ ਰੁਕਿਆ ਜਿਸ ਵਿੱਚ ਦੋ ਲੋਕ ਸਵਾਰ ਸਨ। ਆਟੋ ਚਾਲਕ ਨੇ ਔਰਤ ਨੂੰ ਕਿਹਾ ਕਿ ਉਹ ਉਸ ਨੂੰ ਆਪਣੀ ਮੰਜ਼ਿਲ ‘ਤੇ ਛੱਡ ਦੇਵੇਗਾ। ਸੈਕਟਰ 3 ਦੇ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਔਰਤ ਇੱਛਾ ਨਾ ਹੋਣ ਦੇ ਬਾਵਜੂਦ ਥ੍ਰੀ ਵ੍ਹੀਲਰ ਵਿੱਚ ਬੈਠ ਗਈ।
ਸ਼ਿਕਾਇਤ ਮੁਤਾਬਕ ਆਟੋ ਚਾਲਕ ਉਸ ਨੂੰ ਕਿਸੇ ਹੋਰ ਧਾਰਮਿਕ ਸਥਾਨ ‘ਤੇ ਲੈ ਗਿਆ ਅਤੇ ਔਰਤ ਨੂੰ ਕਿਹਾ ਕਿ ਤੁਹਾਡਾ ਮੰਦਰ ਆ ਗਿਆ ਹੈ। ਜਦੋਂ ਉਸ ਨੇ ਕਿਹਾ ਕਿ ਇਹ ਉਹ ਥਾਂ ਨਹੀਂ ਹੈ ਜਿੱਥੇ ਮੈਂ ਜਾਣਾ ਸੀ ਤਾਂ ਉਹ ਔਰਤ ਨੂੰ ਨੇੜੇ ਦੇ ਜੰਗਲ ਵਿੱਚ ਲੈ ਗਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਦੋਵਾਂ ਦੋਸ਼ੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ। ਸੱਟਾਂ ਕਾਰਨ ਔਰਤ ਬੇਹੋਸ਼ ਹੋ ਗਈ। ਦੋਵੇਂ ਮੁਲਜ਼ਮ ਔਰਤ ਦੀ ਮੌਤ ਹੋ ਚੁੱਕੀ ਸਮਝ ਕੇ ਫਰਾਰ ਹੋ ਗਏ।
ਕਰੀਬ 7-8 ਘੰਟੇ ਬਾਅਦ ਜਦੋਂ ਔਰਤ ਨੂੰ ਹੋਸ਼ ਆਇਆ ਤਾਂ ਉਹ ਦੇਰ ਰਾਤ ਤੱਕ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਗਈ। ਉਸ ਨੇ ਆਪਣੇ ਨਾਲ ਵਾਪਰੀ ਘਟਨਾ ਪਰਿਵਾਰਕ ਮੈਂਬਰਾਂ ਨੂੰ ਦੱਸੀ। ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਕੰਟਰੋਲ ਰੂਮ ਦੀ ਗੱਡੀ ਉਸ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਲੈ ਗਈ। ਮੈਡੀਕਲ ਜਾਂਚ ‘ਚ ਉਸ ਨਾਲ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।