ਸ਼ਾਹਕੋਟ (ਬਿਊਰੋ) – ਸੀਨੀਅਰ ਪੁਲਸ ਕਪਤਾਨ ਜਲੰਧਰ ਦੇ ਦਿਸ਼ਾ- ਨਿਰਦੇਸ਼ਾਂ ’ਤੇ ਸਮਾਜ ਦੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸਬ-ਇੰਸ. ਥਾਣਾ ਮੁਖੀ ਸ਼ਾਹਕੋਟ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋ 1 ਪਿਸਟਲ ਦੇਸੀ, 1 ਰੌਂਦ ਜ਼ਿੰਦਾ, ਇਕ ਦਾਤਰ ਅਤੇ ਇਕ ਮੋਟਰਸਾਈਕਲ ਹੀਰੋ ਸਪਲੈਂਡਰ ਬਿਨਾ ਨੰਬਰੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਇਸ ਸਬੰਧੀ ਸਬ-ਇੰਸ. ਨੇ ਦੱਸਿਆ ਕਿ ਐੱਸ. ਆਈ. ਸਮੇਤ ਪੁਲਸ ਪਾਰਟੀ ਦੇ ਨਾਕਾਬੰਦੀ ਦੇ ਸਬੰਧ ’ਚ ਟੀ-ਪੁਆਇੰਟ ਗੇਹਲੜਾ ਮੌਜੂਦ ਸੀ ਕਿ ਪਰਜੀਆ ਕਲਾਂ ਸਾਈਡ ਤੋਂ ਇਕ ਮੋਟਰਸਾਈਕਲ ਹੀਰੋ ਸਪਲੈਂਡਰ ਬਿਨਾਂ ਨੰਬਰੀ ’ਤੇ 3 ਨੌਜਵਾਨ ਆਏ, ਜਿਨ੍ਹਾਂ ਨੇ ਪੁਲਸ ਪਾਰਟੀ ਨੂੰ ਵੇਖ ਕੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਨਾਂ-ਪਤਾ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਗੁਰਵੰਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਰੌਤਾਂ, ਜਸਪਾਲ ਸਿੰਘ ਉਰਫ਼ ਗੋਰੀ ਪੁੱਤਰ ਜੋਗਿੰਦਰ ਸਿੰਘ ਵਾਸੀ ਰੌਤਾਂ ਅਤੇ ਧਰਮਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੇਹਲੜਾ ਦੱਸਿਆ।
ਤਲਾਸ਼ੀ ਕਰਨ ’ਤੇ ਜਸਪਾਲ ਸਿੰਘ ਉਰਫ਼ ਗਰੀ ਉਕਤ ਦੀ ਖੱਬੀ ਡੱਬ ’ਚੋਂ ਇਕ ਪਿਸਟਲ ਦੇਸੀ 315 ਬੋਰ ਅਤੇ ਪੈਂਟ ਦੀ ਜੇਬ ’ਚੋਂ 1 ਰੌਂਦ ਜ਼ਿੰਦਾ ਅਤੇ ਧਰਮਿੰਦਰ ਤੋਂ ਇਕ ਦਾਤਰ ਲੋਹਾ ਬਰਾਮਦ ਹੋਇਆ, ਜੋ ਇਨ੍ਹਾਂ ਵੱਲੋਂ ਮੋਟਰਸਾਈਕਲ ਦੀ ਮਾਲਕੀ ਦਾ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕੀਤਾ। ਓਹਨਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮੋਟਰਸਾਈਕਲ ਚੋਰੀ ਕੀਤਾ ਸੀ। ਇਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।