ਭਾਰਤੀ ਸਰਹੱਦ ‘ਤੇ ਡਰੋਨ ਦੀ ਦਸਤਕ, ਤਲਾਸ਼ੀ ਦੌਰਾਨ BSF ਨੂੰ ਹੈਰੋਇਨ ਦੀ ਖੇਪ ਬਰਾਮਦ

75
0

ਪੰਜਾਬ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਐਤਵਾਰ ਰਾਤ ਨੂੰ ਡਰੋਨ ਨੇ ਦਸਤਕ ਦਿੱਤੀ। ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਗੋਲੀਬਾਰੀ ਕਰਕੇ ਡਰੋਨ ਨੂੰ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਇੱਕ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ। ਜਾਂਚ ਦੌਰਾਨ ਇਸ ਵਿੱਚੋਂ ਭਾਰੀ ਮਾਤਰਾ ‘ਚ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਪੈਕਟ ਨੂੰ ਜ਼ਬਤ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸਰਹੱਦੀ ਰੇਂਜ ਵਿੱਚ ਬੀਓਪੀ ਲੱਖਾ ਸਿੰਘ ਵਾਲਾ ਹਿਠਾੜ ਨੇੜੇ ਜਵਾਨ ਗਸ਼ਤ ’ਤੇ ਸਨ। ਇਸ ਦੌਰਾਨ ਜਵਾਨਾਂ ਨੇ ਅਸਮਾਨ ਵਿੱਚ ਇੱਕ ਡਰੋਨ ਉੱਡਦਾ ਦੇਖਿਆ। BSF ਦੇ ਜਵਾਨਾਂ ਨੇ ਰਾਊਂਡ ਫਾਇਰਿੰਗ ਕਰਕੇ ਉਸ ਨੂੰ ਭਜਾ ਦਿੱਤਾ। ਇਸ ‘ਤੋਂ ਬਾਅਦ ਜਵਾਨਾਂ ਨੇ ਘਟਨਾ ਦੀ ਸੂਚਨਾ BSF ਦੇ ਉੱਚ ਅਧਿਕਾਰੀਆਂ ਨੂੰ ਦਿੱਤੀ।

ਇਸ ਮਗਰੋਂ BSF ਦੇ ਜਵਾਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ BSF ਦੀ 182 ਬਟਾਲੀਅਨ ਦੇ ਜਵਾਨਾਂ ਨੂੰ ਪੀਲੇ ਰੰਗ ਦਾ ਇੱਕ ਪੈਕਟ ਮਿਲਿਆ। ਪੈਕਟ ਨੂੰ ਜਦੋਂ ਖੋਲਿਆ ਗਿਆ ‘ਤਾਂ ਇਸ ਵਿੱਚੋਂ ਡੇਢ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਇਸ ਪੈਕਟ ‘ਤੇ ਇਕ ਹੁੱਕ ਅਤੇ ਇੰਡੀਕੇਟਰ ਵੀ ਲੱਗਾ ਹੋਇਆ ਸੀ। ਪੁਲਿਸ ਨੇ ਹੈਰੋਇਨ ਦੀ ਪੈਕਟ ਜ਼ਬਤ ਕਰਕੇ ਮਾਮਲਾ ਦਰਜ ਕਰ ਲਿਆ ਹੈ।