ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੇ ਘਟਾਈ ਅਸ਼ਟਾਮ ਡਿਊਟੀ ਤਹਿਤ ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਹੁਣ ਲੋਕ ਅਸ਼ਟਾਮ ਡਿਊਟੀ ‘ਤੇ 2.25 ਫੀਸਦੀ ਛੋਟ ਦੇ ਨਾਲ 15 ਮਈ ਤੱਕ ਰਜਿਸਟਰੀ ਕਰਵਾ ਸਕਣਗੇ। ਇਸ ਸਬੰਧੀ ਫੈਸਲਾ ਅੱਜ ਲੁਧਿਆਣਾ ਵਿਖੇ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵੀ ਲਿਆ ਗਿਆ ਹੈ।
ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਮੀਨੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਨੂੰ ਇੱਕ ਫੀਸਦੀ ਵਾਧੂ ਸਟੈਂਪ ਡਿਊਟੀ, ਇੱਕ ਫੀਸਦੀ ਪੀਆਈਡੀਬੀ ਫੀਸ ਅਤੇ 0.25 ਪ੍ਰਤੀਸ਼ਤ ਵਿਸ਼ੇਸ਼ ਫੀਸ ਤੋਂ ਛੋਟ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਅਸ਼ਟਾਮ ਡਿਊਟੀ ਛੋਟ ਦੀ ਸਮਾਂ ਸੀਮਾ 31 ਮਾਰਚ ਤੱਕ ਵਧਾ ਦਿੱਤੀ ਸੀ, ਪਰ ਮਾਲੀਏ ਵਿੱਚ ਹੋਏ ਰਿਕਾਰਡਤੋੜ ਵਾਧੇ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਇਹ ਸਮਾਂ ਸੀਮਾ 30 ਅਪ੍ਰੈਲ ਤੱਕ ਵਧਾ ਦਿੱਤੀ ਸੀ। ਹੁਣ ਤੀਜੀ ਵਾਰ ਇਹ ਸਮਾਂ ਸੀਮਾ 15 ਮਈ ਤੱਕ ਵਧਾ ਦਿੱਤੀ ਗਈ ਹੈ।
ਦੱਸ ਦੇਈਏ ਕਿ ਉਕਤ ਛੋਟ ਤੋਂ ਪਹਿਲਾਂ ਸੂਬੇ ਵਿਚ ਔਰਤਾਂ ਦੇ ਨਾਂ ‘ਤੇ ਪ੍ਰਾਪਰਟੀ ਦੀ ਰਜਿਸਟਰੀ ਫੀਸ 4 ਫੀਸਦੀ ਸੀ ਤੇ ਪੁਰਸ਼ਾਂ ਦੇ ਨਾਂ ‘ਤੇ ਰਜਿਸਟਰੀ ਫੀਸ 6 ਫੀਸਦੀ ਸੀ। ਜੁਆਇੰਟ ਰਜਿਸਟਰੀ ਦੀ ਫੀਸ 5 ਫੀਸਦੀ ਸੀ। ਸਰਕਾਰ ਨੇ 2 ਮਾਰਚ ਨੂੰ ਨਵੇਂ ਫੈਸਲੇ ਤਹਿਤ ਤਿੰਨੋਂ ਮਾਮਲਿਆਂ ਵਿਚ ਰਜਿਸਟਰੀ ਫੀਸ 1-1 ਫੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਸੀ। ਨਾਲ ਹੀ ਇਕ ਫੀਸਦੀ ਪੰਜਾਬ ਡਿਵੈਲਪਮੈਂਟ ਇੰਡਸਟ੍ਰੀਅਲ ਬੋਰਡ ਫੀਸ ਤੇ 0.25 ਫੀਸਦੀ ਸਪੈਸ਼ਲ ਡਿਊਟੀ ਵੀ ਘੱਟ ਕਰ ਦਿੱਤੀ ਸੀ।