ਪਟਿਆਲਾ: ਪੰਜਾਬ ਸਰਕਾਰ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਲਈ ਬੱਸ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ ਪਰ ਇਸ ਤੋਂ ਉਲਟ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤੀ ਜਾ ਰਹੀ ਇਹ ਸੁਵਿਧਾ ਬੰਦ ਹੋਣ ਕੰਢੇ ਆ ਗਈ ਹੈ। ਯੂਨੀਵਰਸਿਟੀ ਦੇ ਵਿਹੜੇ ’ਚ ਵਿਦਿਆਰਥੀਆਂ ਲਈ ਕੁੱਲ ਛੇ ਬੱਸਾਂ ਹਨ ਜਿਨ੍ਹਾਂ ’ਚੋਂ ਚਾਰ ਬੱਸਾਂ ਮਿਆਦ ਲੰਘਣ ਕਰਕੇ ਬੰਦ ਹੋ ਗਈਆਂ ਹਨ। ਮੌਜੂਦਾ ਸਮੇਂ ਸਿਰਫ਼ ਦੋ ਬੱਸਾਂ ਹੀ ਚੱਲ ਰਹੀਆਂ ਹਨ ਤੇ ਇਨ੍ਹਾਂ ਦੀ ਮਿਆਦ ਵੀ ਇਸੇ ਸਾਲ ਦੇ ਅੰਤ ਤੱਕ ਖ਼ਤਮ ਹੋ ਜਾਵੇਗੀ। ਇਸ ਬਾਰੇ ’ਵਰਸਿਟੀ ਦੇ ਲੋਕ ਸੰਪਰਕ ਡਾਇਰੈਕਟਰ ਦਲਜੀਤ ਅਮੀ ਨੇ ਕਿਹਾ ਕਿ ਫਿਲਹਾਲ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ, ਜਲਦ ਕੋਈ ਹੱਲ ਕੀਤਾ ਜਾਵੇਗਾ।
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਸਥਾਪਤ ਕੀਤਾ ਗਿਆ। ਜਿਸਦੇ ਅਧੀਨ ਵਿਦਿਆਰਥੀਆਂ ਤੇ ਮੁਲਾਜ਼ਮਾਂ ਦੀ ਆਵਾਜਾਈ ਦੀ ਸਹੂਲਤ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ। ਪਟਿਆਲਾ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਮੁਲਾਜ਼ਮਾਂ ਖ਼ਾਸ ਕਰ ਵਿਦਿਆਰਥਣਾਂ ਨੂੰ ਲੈ ਕੇ ਆਉਣ ਤੇ ਲੈ ਕੇ ਜਾਣ ਲਈ 6 ਬੱਸਾਂ ਚੱਲ ਰਹੀਆਂ ਸਨ। 15 ਸਾਲ ਪੁਰਾਣੀਆਂ ਹੋਣ ਕਰਕੇ ਚਾਰ ਬੱਸਾਂ ਬੀਤੇ ਮਹੀਨਿਆਂ ਤੋਂ ਰੁਕ ਗਈਆਂ ਹਨ। ਚੱਲ ਰਹੀਆਂ ਦੋ ਬੱਸਾਂ ਦੀ ਮਿਆਦ ਇਸ ਸਾਲ ਦਸੰਬਰ ਮਹੀਨੇ ’ਚ ਪੂਰੀ ਹੋ ਰਹੀ ਹੈ। ਵਿਦਿਆਰਥੀ ਦੇ ਦਾਖ਼ਲੇ ਸਮੇਂ ਮੁੱਢਲੀਆਂ ਸੁਵਿਧਾਵਾਂ ’ਚ ਸ਼ਾਮਲ ਬੱਸ ਸੁਵਿਧਾ ਦੀ ਫੀਸ ਵੀ ’ਵਰਸਿਟੀ ਵੱਲੋਂ ਵਸੂਲੀ ਜਾਂਦੀ ਹੈ ਜਿਸ ਨਾਲ ਕਰੀਬ ਪੌਣੇ ਦੋ ਕਰੋੜ ਦੀ ਆਮਦਨ ਵੀ ਹੁੰਦੀ ਹੈ। ਬੱਸਾਂ ਦੀ ਘਾਟ ਕਰਕੇ ਜਿਥੇ ਕਈ ਸਟਾਪ ਤੱਕ ਬੱਸਾਂ ਨਹੀਂ ਪੁੱਜ ਰਹੀਆਂ ਜੋਕਿ ਆਮ ਵਿਦਿਆਰਥਣਾਂ ਲਈ ਵੱਡੀ ਸਮੱਸਿਆ ਬਣ ਗਈ ਹੈ।