ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਖੇਤਾਂ ਵਿਖੇ ਕੀਤਾ ਜਾਵੇਗਾ। ਇਸ ਦੇ ਲਈ ਮੁਕਤਸਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਕਰੀਬ 2 ਏਕੜ ਵਿੱਚ ਖੜ੍ਹੇ ਕਿੰਨੂ ਦੇ ਬਾਗ ਨੂੰ ਉਖਾੜਿਆ ਜਾ ਰਿਹਾ ਹੈ। ਬਾਦਲ ਦਾ ਸਸਕਾਰ ਇਸ ਸਥਾਨ ‘ਤੇ ਕੀਤਾ ਜਾਵੇਗਾ। ਇਸ ਬਾਗ ਦੀ ਦੇਖ-ਰੇਖ ਖੁਦ ਬਾਦਲ ਕਰਦੇ ਸਨ।
ਦਰਅਸਲ ਪਿੰਡ ਬਾਦਲ ਦੇ ਸ਼ਮਸ਼ਾਨਘਾਟ ਵਿੱਚ ਜਗ੍ਹਾ ਦੀ ਘਾਟ ਕਾਰਨ ਸਾਬਕਾ ਮੁੱਖ ਮੰਤਰੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਹੀ ਖੇਤ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਸੀ। ਦੱਸ ਦੇਈਏ ਕਿ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਿਹਾਂਤ ਹੋ ਗਿਆ।
ਫਿਲਹਾਲ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਮੁੱਖ ਦਫਤਰ ਵਿਖੇ ਰੱਖਿਆ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚੰਡੀਗੜ੍ਹ ਆਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਇਲਾਵਾ ਸਾਰੇ ਦਿੱਗਜ ਨੇਤਾ ਅਤੇ ਆਮ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਪੀ.ਐੱਮ. ਮੋਦੀ ਦੇ ਸ਼ਰਧਾਂਜਲੀ ਭੇਟ ਕਰਨ ਮਗਰੋਂ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਬਿਕਰਮ ਸਿੰਘ ਮਜੀਠੀਆ ਖੁਦ ਐਂਬੂਲੈਂਸ ਚਲਾ ਰਹੇ ਹਨ। ਮ੍ਰਿਤਕ ਦੇਹ ਨੂੰ ਵੇਖਕੇ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਲ ਆਪਣੇ ਹੰਝੂ ਨਾ ਰੋਕ ਸਕੇ। ਉਥੇ ਹੀ ਸ. ਬਾਦਲ ਦਾ ਪੋਤਾ ਅਨੰਤਬੀਰ ਸਿੰਘ ਬਾਦਲ ਵੀ ਬਹੁਤ ਭਾਵੁਕ ਦਿਸਿਆ।
ਇਸ ਤੋਂ ਬਾਅਦ ਸ਼ਵ ਯਾਤਰਾ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਪਿੰਡ ਬਾਦਲ ਪਹੁੰਚੇਗੀ, ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ। ਇਹ ਅੰਤਿਮ ਯਾਤਰਾ ਰਾਜਪੁਰਾ, ਪਟਿਆਲਾ, ਸੰਗਰੂਰ, ਬਠਿੰਡਾ ਤੋਂ ਹੁੰਦਾ ਹੋਈ ਦੇਰ ਸ਼ਾਮ ਜਾਂ ਰਾਤ ਤੱਕ ਪਿੰਡ ਪਹੁੰਚੇਗਾ। ਇੱਥੇ ਵੀਰਵਾਰ ਸਵੇਰੇ ਪਿੰਡ ਦੇ ਲੋਕ ਅੰਤਿਮ ਦਰਸ਼ਨ ਕਰਨਗੇ। ਬਾਦਲ ਦਾ ਸਸਕਾਰ ਵੀਰਵਾਰ ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ।